fbpx
educationLifeNewsWeirdWorld

12 ਬੱਚਿਆਂ ਦੀ ਇਸ ਮਾਂ ਨੇ 89 ਦੀ ਉਮਰ ਵਿੱਚ ਕੀਤੀ ਗ੍ਰੈਜੁਏਸ਼ਨ

ਐਨ.ਆਰ.ਆਈ.ਮੀਡਿਆ (ਸਿਮਰਨ ਕੌਰ)

26 ਮਈ, ਸਿਮਰਨ ਕੌਰ- (NRI MEDIA) –

ਵਾਸ਼ਿੰਗਟਨ /- ਹੌਂਸਲਿਆਂ ਵਿੱਚ ਉਡਾਨ ਹੋਵੇ ਤਾਂ ਜ਼ਿੰਦਗੀ ਵਿੱਚ ਕੁੱਝ ਵੀ ਪਾਉਣਾ ਮੁਸ਼ਕਿਲ ਨਹੀਂ ਹੁੰਦਾ ।ਆਪਣੀ ਮਿਹਨਤ ਸਦਕਾ ਇਨਸਾਨ ਕੁੱਝ ਵੀ ਹਾਸਿਲ ਕਰ ਸਕਦਾ ਹੈ ।ਅਜਿਹੀ ਹੀ ਇੱਕ ਮਿਸਾਲ ਸਾਹਮਣੇ ਆਈ ਹੈ ਉੱਤਰੀ ਕੈਰੋਲੀਨਾ ਦੇ ਪੇਂਡੂ ਖੇਤਰ ‘ਚ ਪੈਦਾ ਹੋਈ ਮਹਿਲਾ ਦੀ। 12 ਬੱਚਿਆਂ ਦੀ ਮਾਂ ਐਲਾ ਵਾਸ਼ਿੰਗਟਨ ਨੇ 89 ਸਾਲ ਦੀ ਉਮਰ ‘ਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਕੁੱਝ ਸਾਲ ਪਹਿਲਾਂ ਐਲਾ ਨੇ ਵਰਜੀਨੀਆ ‘ਚ ਲਿਬਰਟੀ ਯੂਨੀਵਰਸਿਟੀ ‘ਚ ਦਾਖਲਾ ਲੈਣ ਦਾ ਫੈਸਲਾ ਕੀਤਾ | ਲਿਬਰਟੀ ਯੂਨੀਵਰਸਿਟੀ ਨੇ ਕਿਹਾ ਕਿ ਆਖਰ ਐਲਾ ਆਪਣਾ ਗ੍ਰੈਜੂਏਸ਼ਨ ਦਾ ਸੁਪਨਾ ਪੂਰਾ ਕਰ ਲਿਆ ਅਤੇ ਉਨ੍ਹਾਂ ਨੇ ਪਿਛਲੇ ਸ਼ਨੀਵਾਰ ਨੂੰ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰ ਲਈ।

ਲਿਬਰਟੀ ਯੂਨੀਵਰਸਿਟੀ ਦੇ 2018 ਦੇ ਬੈਚ ਦੀ ਸਭ ਤੋਂ ਵੱਡੀ ਉਮਰ ਦੀ ਵਿਦਿਆਰਥਣ ਐਲਾ ਨੇ ਕਿਹਾ ਕਿ ਪੜ੍ਹਾਈ ਕਰਨਾ ਤੁਹਾਡੇ ਆਪਣੇ ਲਈ ਹੈ ਅਤੇ ਇਹ ਆਪਣੇ ਆਉਣ ਵਾਲੇ ਲੋਕਾਂ ਦੇ ਜੀਵਨ ਨੂੰ ਉੱਚ ਬਣਾਉਣ ‘ਚ ਮਦਦ ਕਰਦੀ ਹੈ। ਪਰਿਵਾਰ ਦੇ ਖੇਤਾਂ ‘ਚ ਕੰਮ ਕਰਨ ਲਈ ਐਲਾ ਨੇ ਛੇਵੀਂ ਜਮਾਤ ‘ਚ ਹੀ ਪੜ੍ਹਾਈ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਸ ਦਾ ਵਿਆਹ ਹੋਇਆ ਅਤੇ ਆਪਣਾ ਪਰਿਵਾਰ ਪਾਲਣਾ ਸ਼ੁਰੂ ਕੀਤਾ। ਜਦ ਉਸ ਨੇ ਪਰਿਵਾਰ ਸ਼ੁਰੂ ਕੀਤਾ ਤਾਂ ਉਹ ਵਾਸ਼ਿੰਗਟਨ ਡੀ. ਸੀ. ਚਲੇ ਗਏ। ਉੱਥੇ ਪਰਿਵਾਰ ਪਾਲਣ ਲਈ ਉਸ ਨੇ ਕਈ ਨੌਕਰੀਆਂ ਕੀਤੀਆਂ। ਪੈਂਟਾਗਨ ਦੇ ਇਕ ਸਟੋਰ ‘ਚ ਕੰਮ ਕਰਨ ਤੋਂ ਲੈ ਕੇ ਨਰਸਿੰਗ ਦੀ ਸਹਾਇਕ ਬਣਨ ਤੱਕ ਦੇ ਕਈ ਛੋਟੇ-ਵੱਡੇ ਕੰਮ ਕੀਤੇ। ਇਸ ਦੌਰਾਨ ਉਸ ਨੇ 12 ਬੱਚਿਆਂ ਦਾ ਵੀ ਪਾਲਣ-ਪੋਸ਼ਣ ਕੀਤਾ ਪਰ ਫਿਰ ਵੀ ਪੜ੍ਹਾਈ ਲਈ ਉਸ ਦਾ ਰੁਝਾਨ ਘੱਟ ਨਾ ਹੋਇਆ। 

ਐਲਾ ਦੀ ਧੀ ਏਲੇਨ ਮਿਸ਼ੇਲ ਨੇ ਲਿਬਰਟੀ ਯੂਨੀਵਰਸਿਟੀ ਨੂੰ ਦੱਸਿਆ ਕਿ ਇਕ ਬਹੁਤ ਹੀ ਘੱਟ ਪੜ੍ਹੀ-ਲਿਖੀ ਕਾਲੇ ਰੰਗ ਦੀ ਮਹਿਲਾ ਲਈ ਵਾਸ਼ਿੰਗਟਨ ਡੀ. ਸੀ. ‘ਚ ਵਧੇਰੇ ਮੌਕੇ ਨਹੀਂ ਸਨ। ਫਿਰ ਵੀ ਉਸ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਉਹ ਸਭ ਕੁੱਝ ਕੀਤਾ ਜੋ ਉਹ ਬੱਚਿਆਂ ਲਈ ਕਰ ਸਕਦੀ ਸੀ। ਇਸ ਦੌਰਾਨ ਉਸ ਨੇ ਸਾਰੇ ਬੱਚਿਆਂ ਦੀ ਸਿੱਖਿਆ ‘ਤੇ ਧਿਆਨ ਕੇਂਦਰਿਤ ਕੀਤਾ। ਮਿਸ਼ੇਲ ਨੇ ਕਿਹਾ,”ਉਹ ਹਮੇਸ਼ਾ ਇਕ ਵਿਦਿਆਰਥੀ ਰਹੀ ਹੈ। ਸਿੱਖਣ ਅਤੇ ਪੜ੍ਹਾਈ ਲਈ ਉਸ ਦੀ ਇੱਛਾ ਰੂਹ ਤੋਂ ਬਣੀ ਰਹੀ।” 49 ਸਾਲ ਦੀ ਉਮਰ ‘ਚ ਐਲਾ ਨੇ ਪੜ੍ਹਾਈ ਪੂਰੀ ਕਰਨ ਦਾ ਮਨ ਬਣਾ ਲਿਆ। ਉਸ ਨੇ ਜੀ. ਈ. ਡੀ. ਡਿਪਲੋਮਾ ਪ੍ਰਾਪਤ ਕਰਨ ਲਈ ਇਕ ਸਿੱਖਿਆ ਪ੍ਰੋਗਰਾਮ ‘ਚ ਦਾਖਲਾ ਲਿਆ।24 ਸਾਲ ਬਾਅਦ ਉਹ ਫਿਰ ਤੋਂ ਆਪਣੀ ਪੜ੍ਹਾਈ ਕਰ ਰਹੀ ਸੀ। 83 ਸਾਲ ਦੀ ਉਮਰ ‘ਚ ਐਲਾ ਦੀ ਧੀ ਮਿਸ਼ੇਲ ਨੇ ਉਸ ਨੂੰ ਸੁਝਾਅ ਦਿੱਤਾ ਕਿ ਉਹ ਕਾਲਜ ‘ਚ ਦਾਖਲਾ ਲੈ ਕੇ ਆਪਣੀ ਪੜ੍ਹਾਈ ਦੇ ਟੀਚੇ ਨੂੰ ਪੂਰਾ ਕਰੇ। ਐਲਾ ਨੇ 2012 ‘ਚ ਲਿਬਰਟੀ ਯੂਨੀਵਰਸਿਟੀ ‘ਚ ਦਾਖਲਾ ਲਿਆ ਅਤੇ ਆਪਣੀ ਐਸੋਸੀਏਟ ਦੀ ਡਿਗਰੀ ਨੂੰ ਪੂਰਾ ਕੀਤਾ। ਉਸ ਨੇ ਕਦੇ ਹਾਰ ਨਾ ਮੰਨੀ ਅਤੇ ਅੱਜ ਉਹ ਸਭ ਲਈ ਮਿਸਾਲ ਸਾਬਤ ਹੋਈ ਹੈ। 

Leave a Reply

Your email address will not be published. Required fields are marked *

Close