fbpx
All NewsPunjab

ਬੰਦੀ ਛੋੜ ਦਿਵਸ ਮੌਕੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਭਰੀ ਹਾਜਰੀ, ਦੀਵਾਲੀ ਦੀਆਂ ਵੀ ਥਾਂ ਥਾਂ ਰੌਣਕਾਂ

NRI MEDIA

ਕਪੂਰਥਲਾ, ਇੰਦਰਜੀਤ ਸਿੰਘ ਚਾਹਲ /- ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਸ਼ਹਿਰ ਵਾਸੀਆਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ । ਦੀਵਾਲੀ ਮੌਕੇ ਜਿਥੇ ਲੋਕਾਂ ਨੇ ਆਪਣੇ ਘਰਾਂ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਤੇ ਆਤਿਸ਼ਬਾਜ਼ੀ ਕੀਤੀ, ਉਥੇ ਨਾਲ ਹੀ ਸਿੱਖ ਸੰਗਤਾਂ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਆਪਣੇ ਘਰਾਂ ਵਿਚ ਦੀਪ ਮਾਲਾ ਕੀਤੀ ਗਈ ਤੇ ਗੁਰਦੁਆਰਾ ਸਾਹਿਬਾਨ ਵਿਖੇ ਵੀ ਦੀਪਮਾਲਾ ਦੇ ਨਾਲ-ਨਾਲ ਧਾਰਮਿਕ ਸਮਾਗਮ ਕਰਵਾਏ ਗਏ । ਇਸ ਮੌਕੇ ਲੋਕਾਂ ਨੇ ਮਠਿਆਈਆਂ ਖ਼ਰੀਦੀਆਂ ਤੇ ਇਕ ਦੂਜੇ ਨੂੰ ਤੋਹਫ਼ੇ ਵੰਡ ਕੇ ਦੀਵਾਲੀ ਦੇ ਤਿਉਹਾਰ ਨੂੰ ਜੀ ਆਇਆ ਕਿਹਾ । ਆਤਿਸ਼ਬਾਜ਼ੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਇਹ ਤਿਉਹਾਰ ਸ਼ਹਿਰ ਨਿਵਾਸੀਆਂ ਵੱਲੋਂ ਖ਼ੁਸ਼ੀ ਨਾਲ ਮਨਾਇਆ ਗਿਆ ।

 ਇਸ ਮੌਕੇ ਪਟਾਕਿਆਂ ਦੀ ਵਿੱਕਰੀ ਵਿਚ ਵੀ ਕਮੀ ਦੇਖਣ ਨੂੰ ਮਿਲੀ ਤੇ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਪਿਛਲੇ ਸਾਲ ਨਾਲੋਂ ਕੁੱਝ ਘੱਟ ਹੀ ਦੇਖਣ ਨੂੰ ਮਿਲਿਆ ।ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਕ ਦੀਵਾਨ ਸਜਾਏ ਗਏ। ਇਸ ਤਰ੍ਹਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸ਼ਾਨਦਾਰ ਲਾਈਟਾਂ ਨਾਲ ਸਜਾਇਆ ਗਿਆ ਸੀ। ਸੁਲਤਾਨਪੁਰ ਲੋਧੀ ਸਥਿਤ ਪਵਿੱਤਰ ਕਾਲੀ ਵੇਈ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰ ਵਲੋ ਬਹੁਤ ਅਲੌਕਿਕ ਦੀਪਮਾਲਾ ਕੀਤੀ ਗਈ।

ਲੋਕਾਂ ਨੇ ਬੇਖੌਫ ਹੋ ਕੇ ਚਲਾਏ ਪਟਾਕੇ

ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦੀਵਾਲੀ ਵਾਲੇ ਦਿਨ ਦੋ ਘੰਟੇ ਤੱਕ ਪਟਾਕੇ ਚਲਾਉਣ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਨਡਾਲਾ ਵਿਚ ਲੋਕਾਂ ਨੇ ਖ਼ੂਬ ਪਟਾਕੇ ਚਲਾਏ ਤੇ ਨਿਸ਼ਚਿਤ ਸਮੇਂ ਤੋਂ ਬਾਅਦ ਵੀ ਪਟਾਕੇ ਚੱਲਦੇ ਰਹੇ | ਪਟਾਕੇ ਵਿਕ੍ਰੇਤਾਵਾਂ ਨੂੰ ਲਾਇਸੈਂਸ ਨਾ ਮਿਲਣ ਕਾਰਨ ਨਡਾਲਾ ‘ਚ ਦੀਵਾਲੀ ਵਾਲੇ ਦਿਨ ਦੁਪਹਿਰ ਤੱਕ ਪਟਾਕੇ ਨਹੀਂ ਲੱਗੇ, ਪਰ ਬਾਅਦ ਵਿਚ ਦੁਕਾਨਦਾਰਾਂ ਨੇ ਪਟਾਕਿਆਂ ਦੀਆਂ ਦੁਕਾਨਾਂ ਲਾ ਲਈਆਂ |  ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟੀਮਾਂ ਬਣਾ ਕੇ ਪਟਾਕੇ ਚਲਾਉਣ ਤੋਂ ਲੋਕਾਂ ਨੂੰ ਰੋਕਣ ਦੀ ਗੱਲ ਸਿਰਫ਼ ਐਲਾਨ ਤੱਕ ਹੀ ਸੀਮਤ ਰਹੀ | ਯਤਨਾਂ ਦੇ ਬਾਵਜੂਦ ਵੀ ਜ਼ਹਿਰੀਲਾ ਧੂੰਆਂ ਦੇਰ ਰਾਤ ਤੱਕ ਹਵਾ ਵਿਚ ਫੈਲਦਾ ਰਿਹਾ | ਦੁਕਾਨਾਂ ‘ਤੇ ਖ਼ੂਬ ਰੌਣਕਾਂ ਵੇਖਣ ਨੂੰ ਮਿਲੀਆਂ, ਮਿੱਟੀ ਦੇ ਦੀਵਿਆਂ ਵਿਚ ਲੋਕਾਂ ਖ਼ੂਬ ਰੁਚੀ ਦਿਖਾਈ |

Leave a Reply

Your email address will not be published. Required fields are marked *

Close