fbpx
All NewsPunjab

ਕੈਪਟਨ ਝੱਗੜ ਸਿੰਘ ਵਾਰ ਮੈਮੋਰੀਅਲ ਵਿਖੇ ਅੱਜ ਮਨਾਇਆ ਜਾਵੇਗਾ ਹਥਿਆਰਬੰਦ ਸੈਨਾ ਝੰਡਾ ਦਿਵਸ-ਕਰਨਲ ਚਾਹਲ

by media desk

6 ਦਸੰਬਰ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ, ( ) :

ਹਰੇਕ ਸਾਲ ਦੀ ਤਰਾਂ ਇਸ ਵਾਰ ਵੀ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ 2018, ਦਿਨ ਸ਼ੁੱਕਰਵਾਰ ਨੂੰ ਕੈਪਟਨ ਝੱਗੜ ਸਿੰਘ ਵਾਰ ਮੈਮੋਰੀਅਲ ਕਪੂਰਥਲਾ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਪੂਰਥਲਾ ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਮਿਲਟਰੀ ਸਟੇਸ਼ਨ ਕਪੂਰਥਲਾ ਦੇ ਸਟੇਸ਼ਨ ਕਮਾਂਡਰ ਬ੍ਰਿਗੇਡੀਅਰ ਡੀ. ਪਾਲਸੋਕਰ ਹੋਣਗੇ।
 
ਉਨਾਂ ਦੱਸਿਆ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲਾ ਸੈਨਿਕ ਬੋਰਡ ਕਪੂਰਥਲਾ ਸ੍ਰੀ ਮੁਹੰਮਦ ਤਇਅਬ, ਸੀਨੀਅਰ ਪੁਲਿਸ ਕਪਤਾਨ ਸ੍ਰੀ ਸਤਿੰਦਰ ਸਿੰਘ ਅਤੇ ਹੋਰ ਉੱਚ ਸਿਵਲ ਤੇ ਆਰਮੀ ਅਧਿਕਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਰਨਲ ਚਾਹਲ ਨੇ ਕਿਹਾ ਕਿ ਸੈਨਿਕਾਂ ਨੇ ਆਪਣੀਆਂ ਜਵਾਨੀਆਂ ਅਤੇ ਜਿੰਦੜੀਆਂ ਦੇਸ਼ ਦੇ ਲੇਖੇ ਲਾ ਕੇ ਦੇਸ਼ ਦੀ ਆਜ਼ਾਦੀ, ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ।
ਉਨਾਂ ਕਿਹਾ ਕਿ ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ ਅਤੇ ਸੇਵਾ ਕਰ ਰਹੇ ਸੈਨਿਕਾਂ ਦੀ ਬਹਾਦਰੀ ਪ੍ਰਤੀ ਸਲੂਟ ਕਰਨ ਦਾ ਇਹ ਇਕ ਸੁਨਹਿਰੀ ਮੌਕਾ ਹੈ। ਉਨਾਂ ਕਿਹਾ ਕਿ ਇਸ ਦਿਨ ਦੇਸ਼ ਵਾਸੀ ਆਪਣੀਆਂ ਸੁਰੱਖਿਆ ਸੈਨਾਵਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਇਕਜੁੱਟਤਾ ਦਰਸਾਉਂਦੇ ਹਨ ਅਤੇ ਬੜੇ ਫਖ਼ਰ ਨਾਲ ਆਪਣੇ ਸੀਨੇ ‘ਤੇ ਇਨਾਂ ਸੈਨਾਵਾਂ ਦੇ ਸਟਿੱਕਰ ਫਲੈਗ ਨੂੰ ਲਗਾਉਂਦੇ ਹਨ ਅਤੇ ਬਦਲੇ ਵਿਚ ਸਵੈ-ਇੱਛਤ ਧਨ ਰਾਸ਼ੀ ਦਾਨ ਵਜੋਂ ਦਿੰਦੇ ਹਨ।
ਉਨਾਂ ਦੱਸਿਆ ਕਿ ਝੰਡੇ ਦੇ ਸਨਮਾਨ ਵਿਚ ਇਕੱਤਰ ਕੀਤਾ ਫੰਡ ਕੇਂਦਰ ਅਤੇ ਰਾਜਾਂ ਦੇ ਸੈਨਿਕ ਬੋਰਡਾਂ ਵੱਲੋਂ ਲਾਗੂ ਕੀਤੀਆਂ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਲਈ ਵਰਤਿਆ ਜਾਂਦਾ ਹੈ। ਉਨਾਂ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਵਿਚ ਹਿੱਸੇਦਾਰ ਬਣਨ ਅਤੇ ਦੇਸ਼ ਦੀ ਰੱਖਿਆ ਖਾਤਿਰ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਦਿਲ ਖੋਲ ਕੇ ਦਾਨ ਕਰਨ, ਇਹ ਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਦਾਨ ਨਕਦ/ਚੈੱਕ/ਬੈਂਕ ਡਰਾਫਟ ਰਾਹੀਂ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਕਪੂਰਥਲਾ ਨੂੰ ਭੇਜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਤਹਿਤ ਸੈਨਾ ਝੰਡਾ ਦਿਵਸ ਸਬੰਧੀ ਦਾਨ ਦੀ ਰਾਸ਼ੀ ਆਮਦਨ ਕਰ ਤੋਂ ਮੁਕਤ ਹੈ।

Leave a Reply

Your email address will not be published. Required fields are marked *

Close