fbpx
All NewsNewsPoliticsPunjab

ਫਗਵਾੜਾ ਦੇ ਪਿੰਡ ਸੀਕਰੀ ‘ਚ ਸਰਬ ਸੰਮਤੀ ਨਾਲ ਹੋਇਆ ਹਲਕੇ ਦੀ ਪਹਿਲੀ ਪੰਚਾਇਤ ਦਾ ਗਠਨ

Nri Media

16 ਦਸੰਬਰ \- ਮੀਡਿਆ ਡੈਸਕ

ਫਗਵਾੜਾ ( ਇੰਦਰਜੀਤ ਸਿੰਘ ਚਾਹਲ) : ਦਸੰਬਰ ਮਹੀਨੇ ਦੀ 30 ਤਰੀਕ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਚੋਣਾਂ ਤੋਂ ਠੀਕ ਪਹਿਲਾਂ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਸੀਕਰੀ ਵਿਖੇ ਅੱਜ ਪਹਿਲੀ ਪੰਚਾਇਤ ਦਾ ਸਰਬ ਸੰਮਤੀ ਨਾਲ ਗਠਨ ਕਰ ਲਿਆ ਗਿਆ ਹੈ। ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਅਤੇ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਹਾਜਰੀ ਵਿਚ ਪਿੰਡ ਵਾਸੀਆਂ ਦੇ ਹੋਏ ਇਕੱਠ ਦੌਰਾਨ ਪਿੰਡ ਦੇ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਆਮ ਸਹਿਮਤੀ ਨਾਲ ਪੰਚਾਇਤ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ। ਜਿਸ ਤੋਂ ਬਾਅਦ ਬੀਬੀ ਕੁਲਵੰਤ ਕੌਰ ਪਤਨੀ ਮੰਗਤ ਸਿੰਘ ਨੂੰ ਸਰਪੰਚ ਐਲਾਨਿਆ ਗਿਆ ਜਦਕਿ ਸੇਵਾ ਸਿੰਘ, ਕੇਵਲ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਆਮ ਸਹਿਮਤੀ ਨਾਲ ਮੈਂਬਰ ਪੰਚਾਇਤ ਨਾਮਜਦ ਕੀਤਾ ਗਿਆ। ਹਲਕੇ ਵਿਚ ਮੌਜੂਦਾ ਚੋਣਾਂ ਤੋਂ ਪਹਿਲਾਂ ਸਰਬ ਸੰਮਤੀ ਨਾਲ ਬਣੀ ਪਹਿਲੀ ਪੰਚਾਇਤ ਦਾ ਸਵਾਗਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਇਹ ਫੈਸਲਾ ਵਿਸ਼ੇਸ਼ ਤੌਰ ਤੇ ਸ਼ਲਾਘਾਯੋਗ ਹੈ। ਉਹਨਾਂ ਭਰੋਸਾ ਦਿੱਤਾ ਕਿ ਪਿੰਡ ਦੇ ਵਿਕਾਸ ਵਿਚ ਗਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਹ ਆਪਣੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਸ਼ ਕਰਨਗੇ ਕਿ ਸਰਬ ਸੰਮਤੀ ਨਾਲ ਚੁਣੀ ਗਈ ਹਲਕੇ ਦੀ ਪਹਿਲੀ ਪੰਚਾਇਤ ਨੂੰ ਵਿਸ਼ੇਸ਼ ਗ੍ਰਾਂਟ ਨਾਲ ਨਵਾਜਿਆ ਜਾਵੇ। ਦਿਹਾਤੀ ਪ੍ਰਧਾਨ ਦਲਜੀਤ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕੇ ਦੇ ਹੋਰ ਪਿੰਡਾਂ ਵਿਚ ਵੀ ਕਾਂਗਰਸ ਪਾਰਟੀ ਦੀ ਪੁਰਜੋਰ ਕੋਸ਼ਿਸ਼ ਹੈ ਕਿ ਸਰਬ ਸੰਮਤ ਪੰਚਾਇਤਾਂ ਦਾ ਗਠਨ ਸੰਭਵ ਹੋ ਸਕੇ ਤਾਂ ਜੋ ਸਿਆਸੀ ਖਿੱਚੋਤਾਣ ਦੇ ਚਲਦੇ ਸੂਬਾ ਸਰਕਾਰ ਤੋਂ ਵਿਕਾਸ ਲਈ ਗ੍ਰਾਂਟਾਂ ਹਾਸਲ ਕਰਨ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਵਿਚ ਦਿੱਕਤ ਨਾ ਹੋਵੇ। ਇਸ ਮੌਕੇ ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਜਿਲ੍ਹਾ ਪਰੀਸ਼ਦ ਮੈਂਬਰ ਮੀਨਾ ਰਾਣੀ ਭਬਿਆਣਾ, ਮਹਿਲਾ ਕਾਂਗਰਸ ਦਿਹਾਤੀ ਪ੍ਰਧਾਨ ਰਜਨੀ ਬਾਲਾ, ਬਲਾਕ ਸੰਮਤੀ ਮੈਂਬਰ ਰੇਸ਼ਮ ਕੌਰ, ਅਮਰੀਕ ਸਿੰਘ ਸੀਕਰੀ, ਸੰਤੋਸ਼ ਰਾਣੀ ਖੇੜਾ, ਪਰਮਜੀਤ ਕੌਰ ਭਬਿਆਣਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।

Leave a Reply

Your email address will not be published. Required fields are marked *

Close