fbpx
All NewsenviornmentNewsPunjab

ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਮੋਗੇ ਦੇ ਤਿੰਨ ਪਿੰਡਾਂ ‘ਚ ਸਥਾਪਤ ਕੀਤਾ ਜਾਵੇਗਾ ਸੀਚੇਵਾਲ ਮਾਡਲ

by media desk

6 ਦਸੰਬਰ, ਕਪੂਰਥਲਾ, ਇੰਦਰਜੀਤ ਸਿੰਘ ਚਾਹਲ /-

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਛੋਹ ਪ੍ਰਾਪਤ ਪੰਜਾਬ ਦੇ ਜਿਹੜੇ 41 ਪਿੰਡਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚੋਂ ਮੋਗਾ ਜ਼ਿਲੇ ਦੇ ਤਿੰਨ ਪਿੰਡ ਤਖਤੂਪੁਰਾ, ਪੱਤੋ ਹੀਰਾ ਸਿੰਘ ਅਤੇ ਦੌਧਰ ਵਿਚ ਸੀਚੇਵਾਲ ਮਾਡਲ ਸਥਾਪਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਨਾਲ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਤਿੰਨਾਂ ਪਿੰਡਾਂ ਦਾ ਦੌਰਾ ਕਰਕੇ ਛੱਪੜਾਂ ਦਾ ਅੰਦਾਜ਼ਾ ਲਾਇਆ। ਜਿਥੋਂ ਪਾਣੀ ਸੋਧ ਕੇ ਖੇਤੀ ਲਈ ਵਰਤਿਆ ਜਾਵੇਗਾ।

ਸੰਤ ਸੀਚੇਵਾਲ ਜੀ ਨੇ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿੱਢੀ ਇਸ ਪਵਿੱਤਰ ਮੁਹਿੰਮ ਵਿੱਚ ਤਨਦੇਹੀ ਨਾਲ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਨ੍ਹਾਂ ਤਿੰਨਾਂ ਪਿੰਡਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਪਾਤਸ਼ਾਹੀਆਂ ਨੇ ਵੀ ਆਪਣੇ ਮੁਬਾਰਕ ਚਰਨ ਪਾਏ ਸਨ। ਤਖਤੂਪੁਰਾ ਪਿੰਡ ਦੇ ਪੰਜ ਛੱਪੜ ਹਨ। ਜਿਨ੍ਹਾਂ ਦਾ ਪਾਣੀ ਖੇਤੀ ਨੂੰ ਲੱਗਦਾ ਕਰਨ ਵਾਸਤੇ ਸੀਚੇਵਾਲ ਮਾਡਲ ਦੀ ਤਰਜ਼ ‘ਤੇ ਸੀਵਰੇਜ ਪਾਇਆ ਜਾਵੇਗਾ। ਇਸ ਇਤਿਹਾਸਕ ਪਿੰਡ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਹਰਿਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਠਹਿਰਾਅ ਕੀਤਾ ਸੀ।

ਸੰਤ ਦਰਬਾਰਾ ਸਿੰਘ ਨੇ ਵੀ ਇਸ ਅਸਥਾਨ ਦੀ ਸੇਵਾ ਕਰਦਿਆਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ ਸੀ।ਪਿੰਡ ਪੱਤੋ ਹੀਰਾ ਸਿੰਘ, ਜਿਸ ਦੀ ਅਬਾਦੀ ੮ ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ, ਇਸ ਪਿੰਡ ਦਾ ਪਾਣੀ ਨਾਲ ਲੰਘਦੀ ਡਰੇਨ ਚਾਂਦ ਭਾਣ ਵਿਚ ਪੈਂਦਾ ਹੈ। ਇਸ ਪਿੰਡ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿ ਰਾਏ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ। ਮਾਲਵੇ ਦੇ ਪਿੰਡ ਦੌਧਰ ‘ਚ ਵੀ ਪੰਜਾਂ ਖੇਤਾਂ ਵਿਚ ਛੱਪੜ ਫੈਲਿਆ ਹੋਇਆ ਹੈ। ਇਸ ਦੇ ਪਾਣੀ ਨੂੰ ਖੇਤੀ ਵਾਸਤੇ ਵਰਤੇ ਜਾਣ ਲਈ ਵਿਉਂਤਬੰਦੀ ਵੀ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨਾਲ ਜ਼ਿਲੇ ਦੇ ਹੋਰ ਅਫਸਰਾਂ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਰਜੀਤ ਬਤਰਾ, ਐਸਡੀਐਮ ਸਵਰਨਜੀਤ ਕੌਰ, ਐਕਸੀਅਨ ਪੰਚਾਇਤੀ ਰਾਜ ਰਕੇਸ਼ ਬਾਂਸਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਮਨਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Close