fbpx
NewsPunjab

ਬਿਆਸ ਦਰਿਆ ‘ਚ ਸੀਰਾ ਘੁਲਣ ਦਾ ਮਾਮਲਾ

by media desk

6 ਦਸੰਬਰ, ਸੁਲਤਾਨਪੁਰ ਲੋਧੀ ਇੰਦਰਜੀਤ ਸਿੰਘ ਚਾਹਲ /-

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੱਢਾ ਸ਼ੂਗਰ ਮਿੱਲ ਦੇ ਮਾਮਲੇ ‘ਚ ਚੱਲ ਰਹੀ ਜਾਂਚ ਬਾਰੇ ਵੱਖ ਵੱਖ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ਨੂੰ ਘੋਖਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫਤਰ ‘ਚ ਹੋਈ ਮੀਟਿੰਗ ਵਿਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੰਦਰਾ ਬਾਬੂ ਨੇ ਬਿਆਸ ਦਰਿਆ ਵਿਚ ਚੱਢਾ ਸ਼ੂਗਰ ਮਿੱਲ ਦੀ ਲਾਪ੍ਰਵਾਹੀ ਕਾਰਨ ਘੁਲੇ ਸੀਰੇ ਦੀਆਂ ਰਿਪੋਰਟਾਂ ਲਈਆਂ। ਨਿਗਰਾਨ ਕਮੇਟੀ ਨੇ ਕੀੜੀ ਅਫਗਾਨਾ ਵਿਚ ਮੌਕੇ ‘ਤੇ ਜਾ ਕੇ ਉਸ ਥਾਂ ਦਾ ਦੌਰਾ ਕੀਤਾ ਜਿਥੋਂ ਸੀਰੇ ਦੇ ਭੰਡਾਰ ਵਿਚ ਧਮਾਕਾ ਹੋਇਆ ਸੀ ਤੇ ਵੱਡੀ ਪੱਧਰ ‘ਤੇ ਸੀਰਾ ਡਰੇਨ ਰਾਹੀਂ ਹੁੰਦਾ ਹੋਇਆ ਬਿਆਸ ਦਰਿਆ ਵਿਚ ਰਲ ਗਿਆ ਸੀ। ਜਿਸ ਕਾਰਨ ਵੱਡੇ ਪੱਧਰ ‘ਤੇ ਮੱਛੀਆਂ ਸਮੇਤ ਹੋਰ ਜਲਚਰ ਜੀਵਾਂ ਦੀ ਮੌਤ ਹੋ ਗਈ ਸੀ। ਚੱਢਾ ਸ਼ੂਗਰ ਮਿੱਲ ਦੀ ਲਾਪ੍ਰਵਾਹੀ ਕਾਰਨ ਵਾਪਰੇ ਇਸ ਵੱਡੇ ਹਾਦਸੇ ਬਾਰੇ ਆਪ ਦੇ ਬਾਗੀ ਆਗੂ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਨਜੀਟੀ ‘ਚ ਰਿੱਟ ਦਾਇਰ ਕੀਤੀ ਹੋਈ ਸੀ। ਇਸ ਬਾਰੇ ਐਨਜੀਟੀ ਵੱਲੋਂ ਇਹ ਕੇਸ ਵੀ ਨਿਗਰਾਨ ਕਮੇਟੀ ਨੂੰ ਦਿੱਤਾ ਹੋਇਆ ਹੈ ਜਿਸ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹਨ। ਨਿਗਰਾਨ ਕਮੇਟੀ ਨੇ ਪਹਿਲੀ ਵਾਰ ਚੱਢਾ ਸ਼ੂਗਰ ਮਿੱਲ ਦੇ ਉਸ ਥਾਂ ਦਾ ਦੌਰਾ ਕੀਤਾ ਜਿਥੋਂ ਸੀਰੇ ਦੇ ਭੰਡਾਰ ਦਾ ਬੰਨ੍ਹ ਟੁੱਟਾ ਸੀ। ਜਾਣਕਾਰੀ ਅਨੁਸਾਰ ਕੀੜੀ ਅਫਗਾਨਾ ‘ਚ ਕਮੇਟੀ ਵੱਲੋਂ ਦੌਰਾ ਕਰਨ ਤੋਂ ਪਹਿਲਾਂ ਕੀਤੀ ਗਈ ਮੀਟਿੰਗ ਵਿਚ ਮਿੱਲ ਦੇ ਅਧਿਕਾਰੀ ਵੀ ਸ਼ਾਮਲ ਹੋਏ ਸਨ ਤੇ ਉਨ੍ਹਾਂ ਕੋਲੋਂ ਵੀ ਨਿਗਰਾਨ ਕਮੇਟੀ ਨੇ ਜਾਣਕਾਰੀ ਇਕੱਠੀ ਕੀਤੀ ਕਿ ਕਿਵੇਂ ਸੀਰੇ ਨੂੰ ਸੰਭਾਲਣ ਦੇ ਪ੍ਰਬੰਧ ਕੀਤੇ ਹੋਏ ਹਨ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੀਰਾ ਰਿਸਣ ਦੇ ਮਾਮਲੇ ਵਿਚ ਕੀ ਕੀ ਪੇਸ਼ਬੰਦੀਆਂ ਕੀਤੀਆਂ ਗਈਆਂ, ਉਸ ਬਾਰੇ ਜਾਣਕਾਰੀ ਲਈ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਸ ਬਾਰੇ ਵੀ ਐਨਜੀਟੀ ਨੂੰ ਤਿੰਨ ਮਹੀਨਿਆਂ ਵਿਚ ਰਿਪੋਰਟ ਸੌਂਪੀ ਜਾਣੀ ਹੈ ਤੇ ਇਸ ਬਾਰੇ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਹਨ। ਯਾਦ ਰਹੇ ਕਿ ਐਨਜੀਟੀ ਵੱਲੋਂ ਨਿਰਧਾਰਤ ਕੀਤੀ ਗਈ ਨਿਗਰਾਨ ਕਮੇਟੀ ਦੇ ਮੈਂਬਰ ਹੁੰਦਿਆਂ ਸੰਤ ਸੀਚੇਵਾਲ ਨੇ ਸਤਲੁਜ ਤੇ ਬਿਆਸ ਦਰਿਆ ਨੂੰ ਪਲੀਤ ਕਰਨ ਬਾਰੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ੫੦ ਕਰੋੜ ਦਾ ਜੁਰਮਾਨਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਦੇ ਦਰਿਆਵਾਂ ਨੂੰ ਪਲੀਤ ਕਰਨ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਏਨੀ ਮੋਟੀ ਰਕਮ ਦਾ ਜੁਰਮਾਨਾ ਹੋਇਆ ਹੋਵੇ। ਇਸ ਜੁਰਮਾਨੇ ਨੂੰ ਉਗਰਾਹੁਣ ਬਾਰੇ ਤੇ ਦਰਿਆਵਾਂ ਨੂੰ ਸਾਫ ਸੁਥਰਾ ਰੱਖਣ ਬਾਰੇ ਐਨਜੀਟੀ ‘ਚ ਅਗਲੀ ਪੇਸ਼ੀ 22 ਫਰਵਰੀ 2019 ਨੂੰ ਹੋਵੇਗੀ। 

Leave a Reply

Your email address will not be published. Required fields are marked *

Close