fbpx
NewsPoliticsPunjab

ਅੰਮ੍ਰਿਤਸਰ ਰੇਲ ਹਾਦਸਾ – ਸਿੱਧੂ ਜੋੜੇ ਨੂੰ ਮਿਲੀ ਕਲੀਨ ਚਿੱਟ

By MEDIA DESK

ਜਲੰਧਰ, 6 ਦਸੰਬਰ ( ਵਿਜੈ ਕੁਮਾਰ ) –

ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਲਈ ਰਾਹਤ ਭਰੀ ਖਬਰ ਹੈ। ਅੰਮ੍ਰਿਤਸਰ ‘ਚ ਦੁਸਹਿਰੇ ਦੀ ਸ਼ਾਮ ਵਾਪਰੇ ਭਿਆਨਕ ਰੇਲ ਹਾਦਸੇ ਦੇ ਮਾਮਲੇ ‘ਚ ਫਸੇ ਸਿੱਧੂ ਜੋੜੇ ਨੂੰ ਮੈਜਿਸਟ੍ਰੇਟੀ ਜਾਂਚ ‘ਚੋਂ ਰਾਹਤ ਮਿਲ ਗਈ ਹੈ। ਜਾਂਚ ਕਰ ਰਹੇ ਜਲੰਧਰ ਡਿਵੀਜ਼ਨਲ ਕਮਿਸ਼ਨਰ ਪੁਰਸ਼ਾਰਥਾ ਅਨੁਸਾਰ ਦਰਦਨਾਕ ਹਾਦਸੇ ‘ਚ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹੈ। ਇਸ ਹਾਦਸੇ ਲਈ ਰੇਲਵੇ, ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਨਗਰ-ਨਿਗਮ ਤੇ ਮਿੱਠੂ ਮਦਾਨ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਗ੍ਰਹਿ ਵਿਭਾਗ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਸੌਂਪ ਦਿੱਤੀ ਹੈ। ਇਸ ਰਿਪੋਰਟ ਵਿੱਚ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਮੈਜਿਸਟ੍ਰੇਟ ਜਾਂਚ ਦੇ ਕੁਝ ਤੱਥ ਸਾਹਮਣੇ ਆਏ ਹਨ। ਇਨ੍ਹਾਂ ਤੱਥਾਂ ਦੇ ਅਧਾਰ ਉੱਤੇ ਨਵਜੋਤ ਕੌਰ ਨੂੰ ਕਲੀਨ ਚਿੱਟ ਦਿੱਤੀ ਗਈ ਹੈ, ਹਾਲਾਂਕਿ ਹੋਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਜ਼ਿੰਮੇਵਾਰ ਦੱਸਦੇ ਹੋਏ ਕਾਰਵਾਈ ਦੀ ਸਿਫਾਰਿਸ਼ ਕੀਤੀ ਗਈ ਹੈ। ਅੰਮਿ੍ਰਤਸਰ ‘ਚ ਕਮਿਸ਼ਨਰੇਟ ਸਿਸਟਮ ਹੈ ਇਸ ਲਈ ਉੱਥੇ ਕੋਈ ਵੀ ਪ੍ਰੋਗਰਾਮ ਕਰਨ ਲਈ ਪੁਲਿਸ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਮਨਜ਼ੂਰੀ ਦੇਣ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ ‘ਤੇ ਜਾਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜ਼ਿਆਦਾ ਭੀੜ ਹੋਣ ‘ਤੇ ਸੁਰੱਖਿਆ ਲਈ ਕਿੰਨੇ ਲੋਕਾਂ ਨੂੰ ਲਗਾਉਣਾ ਹੈ ਅਤੇ ਕਿੱਥੇ-ਕਿੱਥੇ ਲਗਾਉਣਾ ਹੈ। ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਬਾਰੇ ਕਮਿਸ਼ਨਰ ਕੇ. ਪਾਠਕ ਵੱਲੋਂ ਜਾਂਚ ਕੀਤੀ ਗਈ ਸੀ, ਜਿਸ ‘ਚ ਉਹਨਾਂ ਨੇ ਰੇਲ ਟ੍ਰੈਕ ‘ਤੇ ਖੜ੍ਹੇ ਲੋਕਾਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਸੀ।

19 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਵਾਪਰੇ ਇਸ ਹਾਦਸੇ ‘ਚ ਕਰੀਬ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ‘ਚ ਵਾਪਰੇ ਰੇਲ ਹਾਦਸੇ ‘ਚ ਸੂਬੇ ਭਰ ਦੇ ਲੋਕਾਂ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ ‘ਚ ਕਈ ਲੋਕਾਂ ਦੇ ਭੈਣ ਭਰਾ, ਪੁੱਤ ਅਤੇ ਕਈ ਸੁਹਾਗਣਾਂ ਦਾ ਸੁਹਾਗ ਉਜੜ ਗਿਆ ਸੀ ਅਤੇ ਕਈ ਪਰਿਵਾਰ ਉਜੜ ਗਏ ਸਨ।

Leave a Reply

Your email address will not be published. Required fields are marked *

Close