fbpx
Punjab

ਬਲਬੀਰ ਸਿੰਘ ਸਿੱਧੂ ਨੇ ਨਵੇਂ ਚੁਣੇ ਪੰਚਾਂ, ਸਰਪੰਚਾਂ ਅਤੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਚੁਕਵਾਈ ਸਹੁੰ

11 ਜਨਵਰੀ \- ਐਨ.ਆਰ.ਆਈ ਮੀਡਿਆ

ਬਰਨਾਲਾ (ਇੰਦਰਜੀਤ ਸਿੰਘ ਚਾਹਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਪੰਜਾਬ ਸਿਰ ਚੜੇ ਕਰਜ਼ੇ ਨੂੰ ਘਟਾਉਣ ਲਈ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਪੰਜਾਬ ਨੂੰ ਮੁੜ ਵਿਕਾਸ ਦੀਆਂ ਨਵੀਂਆਂ ਲੀਹਾਂ ‘ਤੇ ਲਿਆਂਦਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਨਵੇਂ ਚੁਣੇ ਗਏ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੇ ਨਾਲ-ਨਾਲ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਸਹੁੰ ਚੁਕਵਾਉਣ ਲਈ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਨਿਰਪੱਖ ਤੇ ਸ਼ਾਂਤਮਈ ਚੋਣਾਂ ਨੇਪਰੇ ਚਾੜ੍ਹਨ ਲਈ ਮੁਬਾਰਕਬਾਦ ਦਿੱਤੀ। ਕੈਬਨਿਟ ਮੰਤਰੀ ਨੇ ਦੱਸਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਾਤਾਵਰਣ ਸੁਧਾਰ ਤੋਂ ਲੈ ਕੇ ਨਸ਼ਿਆਂ ਨੂੰ ਨੱਥ ਪਾਉਣ, ਬੇਰੁਜ਼ਗਾਰੀ ਦੇ ਖ਼ਾਤਮੇ ਅਤੇ ਆਰਥਕ ਵਿਕਾਸ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ‘ਡੇਪੋ’ ਮੁਹਿੰਮ ਤਹਿਤ ਪੰਜਾਬ ਵਿੱਚ ਨਸ਼ਿਆਂ ਨੂੰ ਕਾਰਗਾਰ ਤਰੀਕੇ ਨਾਲ ਨੱਥ ਪਾਈ ਗਈ ਹੈ ਅਤੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਉਨ੍ਹਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸੰਭਵ ਮਦਦ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਧੀਨ ਵਿਭਾਗਾਂ ‘ਚ ਹੀ ਪਸ਼ੂ ਪਾਲਣ, ਮੱਛੀ ਪਾਲਣ, ਸੂਰ ਪਾਲਣ ਤੇ ਡੇਅਰੀ ਵਰਗੇ ਸਹਾਇਕ ਧੰਦਿਆਂ ਵੱਲ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਣ ਦੇ ਨਾਲ-ਨਾਲ ਨਵੀਂਆਂ ਤਕਨੀਕਾਂ ਲਿਆਂਦੀਆਂ ਜਾ ਰਹੀਆਂ ਹਨ। ਸ. ਸਿੱਧੂ ਨੇ ਦੱਸਿਆ ਜਲਦ ਹੀ ਬਰਨਾਲਾ ਜਿਲ੍ਹੇ ਦੀ ਕਾਇਆ ਕਲਪ ਕਰਨ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਅਧੀਨ ਆਉਣ ਵਾਲੇ ਵਿਭਾਗਾਂ ਵੱਲੋਂ ਵੀ ਜਲਦ ਹੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਕਿਸਾਨਾਂ, ਮਜਦੂਰਾਂ ਅਤੇ ਸਮਾਜ ਦੇ ਹੋਰਨਾ ਵਰਗਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਪੁੱਜਦਾ ਕੀਤਾ ਜਾ ਸਕੇ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹਾਲ ਹੀ ਵਿੱਚ 1,400 ਏਕੜ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਹੇਠੋਂ ਛੁਡਵਾਇਆ ਗਿਆ ਹੈ ਤਾਂ ਜੋ ਪੰਚਾਇਤਾਂ ਨੂੰ ਹੋਣ ਵਾਲੀ ਆਮਦਨ ‘ਚ ਵਾਧਾ ਕਰਕੇ ਪਿੰਡਾਂ ‘ਚ ਲੋੜੀਂਦਾ ਵਿਕਾਸ ਕਰਵਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਪੈਸਾ ਪੰਜਾਬ ‘ਚ ਹੀ ਲੱਗਣਾ ਚਾਹੀਦਾ ਹੈ ਤਾਂ ਜੋ ਇੱਥੋਂ ਦੇ ਵਸਨੀਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਸਕਣ।

ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਪਸ਼ੂ ਪਾਲਣ ਵਿਭਾਗ ਮੰਤਰੀ ਸ. ਸਿੱਧੂ ਨੇ ਕਿਹਾ ਕਿ ਪਸ਼ੂ ਪਾਲਕਾਂ ਲਈ ‘ਸੈਕਸਡ ਸੀਮਨ’ ਨਾਂ ਦੀ ਮਨਸੂਈ ਗਰਭਦਾਨ ਦੀ ਤਕਨੀਕ ਲਿਆਂਦੀ ਗਈ ਹੈ ਜਿਸ ਦੀ ਮਦਦ ਨਾਲ ਸਿਰਫ਼ ਵੱਛੀਆਂ ਹੀ ਪੈਦਾ ਹੋਣਗੀਆਂ ਤਾਂ ਜੋ ਅਵਾਰਾ ਸਾਨ੍ਹਾਂ ਦੀ ਸਮੱਸਿਆ ਮੁੱਢੋਂ ਹੀ ਖ਼ਤਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ‘ਚ ਚੱਲ ਰਹੀਆਂ ਗਊਸ਼ਾਲਾਵਾਂ ਦੀ ਵੀ ਹਾਲਤ ‘ਚ ਸੁਧਾਰ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਅਵਾਰਾ ਪਸ਼ੂਆਂ ਦੀ ਉੱਥੇ ਸਹੀ ਸਾਂਭ ਸੰਭਾਲ ਕੀਤੀ ਜਾ ਸਕੇ। ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਬਰਨਾਲਾ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਜਿਲ੍ਹੇ ਦੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਧੀਨ ਕਰਵਾਏ ਜਾ ਸਕਣ ਵਾਲੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ।

ਉਨ੍ਹਾਂ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਉਹ ਬਿਨਾਂ ਕਿਸੇ ਪਾਰਟੀ ਦੇ ਵਰਕਰ ਜਾਂ ਲੀਡਰ ਬਣੇ ਸਮੁੱਚੇ ਪਿੰਡ ਦੀ ਬਿਹਤਰੀ ਲਈ ਉਪਰਾਲੇ ਕਰਨ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਵੀ ਨਵੇਂ ਚੁਣੇ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਵਾਇਆ ਕਿ ਪੰਚਾਇਤਾਂ ਅਤੇ ਉਨ੍ਹਾਂ ਦੇ ਸਬੰਧਤ ਇਲਾਕੇ ‘ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਮੱਛਲੀ ਕਲਾਂ, ਐੱਸ.ਐੱਸ.ਪੀ. ਬਰਨਾਲਾ ਸ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪ੍ਰਵੀਨ ਕੁਮਾਰ, ਐੱਸ.ਡੀ.ਐੱਮ ਸ਼੍ਰੀ ਸੰਦੀਪ ਕੁਮਾਰ, ਸਾਬਕਾ ਵਿਧਾਇਕ ਮਹਿਲ ਕਲਾਂ ਬੀਬੀ ਹਰਚੰਦ ਕੌਰ ਘਨੌਰੀ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ ਸ਼ਰਮਾ, ਐੱਸ.ਪੀ. ਸੁਖਦੇਵ ਸਿੰਘ ਵਿਰਕ, ਐੱਸ.ਪੀ. ਸ਼ਰਨਜੀਤ ਸਿੰਘ, ਮੱਖਣ ਸ਼ਰਮਾ, ਪ੍ਰਧਾਨ ਯੂਥ ਕਾਂਗਰਸ ਬਰਨਾਲਾ ਡਿੰਪਲ ਉੱਪਲੀ, ਪ੍ਰਧਾਨ ਮਹਿਲਾ ਕਾਂਗਰਸ ਬਰਨਾਲਾ ਸੁਖਜੀਤ ਕੌਰ ਸੁੱਖੀ, ਅਮਰਜੀਤ ਸਿੰਘ ਧਾਲੀਵਾਲ, ਸਤਪਾਲ ਸਿੰਘ, ਇੰਦਰ ਸਿੰਘ ਧਾਲੀਵਾਲ, ਡਿੰਪਲ ਉੱਪਲੀ, ਮੈਡਮ ਰੂਪੀ ਕੌਰ, ਸੁਦੇਸ਼ ਜੋਸ਼ੀ ਤੋਂ ਇਲਾਵਾ ਬਹੁਗਿਣਤੀ ਵਿੱਚ ਪੰਚ, ਸਰਪੰਚ, ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

Close