fbpx
Punjab

ਲੋਕ ਫਿਰਕੂਵਾਦ ਤੇ ਜਾਤ-ਪਾਤ ਦਾ ਵਖਰੇਵਾਂ ਪਾਉਣ ਵਾਲਿਆਂ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨ : ਸਾਂਸਦ ਸੁਨੀਲ ਜਾਖੜ

Nri Media

10 ਜਨਵਰੀ \- ਐਨ.ਆਰ.ਆਈ. ਮੀਡਿਆ

ਕਲਾਨੋਰ/ਗੁਰਦਾਸਪੁਰ (ਇੰਦਰਜੀਤ ਸਿੰਘ ਚਾਹਲ) : ਲੋਕ ਫਿਰਕੂਵਾਦ ਤੇ ਜਾਤ-ਪਾਤ ਦਾ ਵਖਰੇਵਾਂ ਪਾਉਣ ਵਾਲੀ ਕੇਂਦਰ ਸਰਕਾਰ ਨੂੰ ਲੋਕ ਸੱਤਾ ਤੋਂ ਲਾਂਭੇ ਕਰਨ ਅਤੇ ਦੇਸ਼ ਅੰਦਰ ਅਮਨ-ਸਾਂਤੀ, ਭਾਈਚਾਰਕ ਸਾਂਝ ਤੇ ਵਿਕਾਸ ਲਈ ਦੇਸ਼ ਵਿਰੋਧੀ ਤਾਕਤਾਂ ਨੂੰ ਜੜ੍ਹ ਤੋਂ ਉਖਾੜ ਦੇਣ। ਇਹ ਪ੍ਰਗਟਾਵਾ ਸ੍ਰੀ ਸੁਨੀਲ ਜਾਖੜ ਲੋਕ ਮੈਂਬਰ ਗੁਰਦਾਸਪੁਰ ਤੇ ਸੂਬਾ ਪ੍ਰਧਾਨ ਕਾਂਗਰਸ ਪਾਰਟੀ ਨੇ ਕੀਤਾ। ਉਹ ਅੱਜ ਕੈਬਨਿਟ ਵਜ਼ੀਰ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਵਿਧਾਨ ਸਭਾ ਹਲਕੇ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੂੰ ਮੁਬਾਰਕਬਾਦ ਦੇਣ ਲਈ ਵਿਸ਼ੇਸ ਤੋਰ ਤੇ ਪੁਹੰਚੇ ਸਨ। ਅੱਜ ਕਲਾਨੋਰ ਵਿਖੇ ਨਵੇਂ ਬਣੇ ਪੰਚ ਤੇ ਸਰਪੰਚਾਂ ਨੂੰ ਵਧਾਈ ਦੇਣ ਤੇ ਰੂਬਰੂ ਹੋਣ ਲਈ ਸਮਾਗਮ ਕਰਵਾਇਆ ਗਿਆ , ਜਿਸ ਵਿਚ ਸਾਂਸਦ ਸੁਨੀਲ ਜਾਖੜ, ਕੈਬਨਿਟ ਵਜੀਰ ਸ. ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਵਜੀਰ ਸ੍ਰੀਮਤੀ ਅਰੁਣਾ ਚੋਧਰੀ, ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਮੋਜੂਦ ਸਨ। ਇਸ ਮੌਕੇ ਕਲਾਨੋਰ ਤੇ ਡੇਰਾ ਬਾਬਾ ਨਾਨਕ ਬਲਾਕ ਦੇ ਕੰਡਿਆਲੀ ਤਾਰ ਤੋਂ ਪਾਰ ਜਮੀਨ ਮਾਲਕਾਂ ਨੂੰ 6 ਕਰੋੜ ਰੁਪਏ ਦੇ ਚੈੱਕ ਵੀ ਵੰਡੇ ਗਏ ਤੇ ਕਲਾਨੋਰ ਦੇ ਸਿਵਲ ਹਸਪਤਾਲ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦਾ ਚੈੱਕ ਵੀ ਸਿਹਤ ਅਧਿਕਾਰੀਆਂ ਨੂੰ ਭੇਂਟ ਕੀਤਾ ਗਿਆ।

ਇਸ ਮੌਕੇ ਉਦੈਵੀਰ ਸਿੰਘ ਰੰਧਾਵਾ, ਅਸ਼ੋਕ ਕੁਮਾਰ ਸ਼ਰਮਾ ਐਸ.ਡੀ.ਐਮ, ਮਨਜੀਤ ਵਾਲੀਆਂ ਨਾਇਬ ਤਹਿਸੀਲਦਾਰ, ਅਮਨਦੀਪ ਕੋਰ ਬੀ.ਡੀ.ਪੀ.ਓ, ਜਗਤਾਰ ਸਿੰਘ ਗੋਸਲ, ਪਰਮਸੁਨੀਲ ਸਿੰਘ ਲੱਡੂ, ਮਹਿੰਗਾ ਰਾਮ ਗਰੀਬ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਮੋਜੂਦ ਸਨ। ਵੱਡੀ ਗਿਣਤੀ ਵਿਚ ਬਾਬਾ ਕਾਰ ਜੀ ਸਟੇਡੀਅਮ ਕਲਾਨੋਰ ਵਿਖੇ ਇਕੱਤਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਸਭ ਤੋਂ ਪਹਿਲਾਂ ਨਵੀਆਂ ਪੰਚਾਇਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨਾਂ ਨੂੰ ਵੱਡੀ ਜਿੰਮੇਵਾਰੀ ਵੀ ਮਿਲੀ ਹੈ, ਇਸ ਲਈ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪਿੰਡਾਂ ਦੇ ਵਿਕਾਸ ਦੇ ਕਾਰਜ ਕਰਵਾਏ ਜਾਣ। ਸ੍ਰੀ ਜਾਖੜ ਨੇ ਅੱਗੇ ਕਿਹਾ ਕਿ ਪੰਜਾਬ ਵਾਸੀਆਂ ਦੀ ਖੁਸ਼ਕਿਸਮਤ ਹੈ ਕਿ ਉਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਜੋਂ ਮਿਲੇ ਹਨ, ਜਿਨਾਂ ਵਲੋਂ ਸੂਬੇ ਭਰ ਅੰਦਰ ਵਿਕਾਸ ਕਾਰਜ ਤੇਜਗਤੀ ਨਾਲ ਕਰਵਾਏ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਬੀਤੇ ਦਿਨੀ ਭਾਜਪਾ ਵਲੋਂ ਗੁਰਦਾਸਪੁਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲਈ ਧੰਨਵਾਦ ਰੈਲੀ ਰੱਖੀ ਗਈ, ਜਿਸਦਾ ਕੀ ਮਕਸਦ ਸੀ ਕਿਸੇ ਨੂੰ ਵੀ ਪਤਾ ਨਹੀ ਚੱਲਿਆ। ਉਨਾਂ ਕਿਹਾ ਕਿ ਕਰਤਾਪਪੁਰ ਸਾਹਿਬ ਦਾ ਲਾਂਘਾ ਕਰੋੜਾਂ ਸੰਗਤਾਂ ਦੀ ਅਰਦਾਸ ਦਾ ਨਤੀਜਾ ਸੀ, ਜਿਸ ਲਈ ਸਾਨੂੰ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਸ ਨੇ ਭਾਰਤ ਤੇ ਪਾਕਿਸਤਾਨ ਦੇ ਮੁਲਕਾਂ ਨੂੰ ਸਮੁੱਤ ਦਿੱਤੀ ਤੇ ਸੰਗਤਾਂ ਦੀ ਅਰਦਾਸ ਪੂਰੀ ਹੋਈ। ਉਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਬੀਤੇ ਦਿਨੀ ਪਾਸ ਕੀਤੇ ਇਕ ਬਿੱਲ ਵਿਚ ਕਿਹਾ ਗਿਆ ਹੈ ਕਿ ਨੋਜਵਾਨਾਂ ਨੂੰ ਨੋਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਨਾਲ ਹੀ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਦੇਸ਼ ਅੰਦਰ ਨੋਕਰੀਆਂ ਕਿੱਥੇ ਹਨ, ਇਹ ਵੀ ਦੱਸਿਆ ਜਾਵੇ।

ਪਿਛਲੇ ਕਰੀਬ ਪੌਣੇ ਪੰਜ ਸਾਲ ਵਿਚ ਤਾਂ ਕਿਸੇ ਨੂੰ ਕੋਈ ਨੋਕਰੀ ਕੇਂਦਰ ਸਰਕਾਰ ਨੇ ਦਿੱਤੀ ਨਹੀਂ ਤੇ ਹੁਣ ਫਿਰ ਨਵਾਂ ਜੁਮਲਾ ਕੱਢ ਮਾਰਿਆ ਹੈ। ਉਨਾਂ ਕਿਹਾ ਕਿ ਲੋਕ ਅਜਿਹੀ ਜੁਮਲੇਬਾਜ਼ੀ ਵਿਚ ਨਹੀਂ ਆਉਣਗੇ ਤੇ ਲੋਕ ਸਭਾ ਚੋਣਾਂ ਵਿਚ ਇਸ ਦਾ ਜਵਾਬ ਦੇਣਗੇ। ਉਨਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਨੇ 4 ਲੱਖ 14 ਹਜਾਰ 285 ਕਿਸਾਨਾਂ ਦਾ 3450 ਕਰੋੜ ਰੁਪਏ ਦਾ ਕਰਜਾ ਮਾਫ ਕੀਤਾ। ਪ੍ਰਧਾਨ ਮੰਤਰੀ ਸਾਹਿਬ ਦੱਸਣ ਕਿ ਉਨਾਂ ਨੂੰ ਦੇਸ਼ ਦੇ ਕਿਸਾਨਾਂ ਲਈ ਕੀ ਕੀਤਾ। ਉਨਾਂ ਅੱਗੇ ਕਿਹਾ ਕਿ ਪੰਥ ਦੇ ਠੇਕੇਦਾਰ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਲੰਗਰ ਤੋਂ ਜੀ.ਐਸ.ਟੀ ਹਟਾ ਦਿੱਤਾ। ਉਨਾਂ ਕਿਹਾ ਕਿ ਉਹ ਸੁਖਬੀਰ ਤੋਂ ਪੁੱਛਣਾ ਚਾਹੁੰਦੇ ਹਨ ਕਿ ਲੰਗਰ ਤੇ ਜੀ.ਸੀ.ਟੀ ਲਾਇਆ ਕਿਸਨੇ ਸੀ। ਸ੍ਰੀ ਜਾਖੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਗੁਰੂ ਦੇ ਲੰਗਰ ਤੇ ਜੀ.ਐਸ.ਟੀ ਲਾਇਆ ਸੀ ਤੇ ਹੁਣ ਖੁਦ ਆਪ ਹੀ ਜੀ.ਐਸ.ਟੀ. ਹਟਾ ਦਿੱਤਾ। ਪਰ ਸੁਖਬੀਰ ਬਾਦਲ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਹਮੇਸ਼ਾ ਘੱਟ ਗਿਣਤੀ ਵਰਗ ਦੇ ਹਿੱਤਾਂ ਦੇ ਵਿਰੁੱਧ ਰਹੀ ਹੈ ਤੇ ਦੇਸ਼ ਅੰਦਰ ਫਿਰਕੂਵਾਦ ਤੇ ਜਾਤਪਾਤ ਦੀ ਰਾਜਨੀਤੀ ਨੂੰ ਪਹਿਲ ਦਿੱਤੀ ਹੈ। ਉਨਾਂ ਲੋਕਾਂ ਨੂੰ ਹੋਕਾ ਦਿੰਦਿਆਂ ਕਿਹਾ ਕਿ ਦੇਸ਼ ਅੰਦਰ ਅਜਿਹੀਆਂ ਦੇਸ਼ ਮਾਰੂ ਤਾਕਤਾਂ ਨੂੰ ਬਦਲਣ ਦਾ ਸਮਾਂ ਨੇੜੇ ਆ ਰਿਹਾ ਹੈ, ਇਸ ਲਈ ਮਿਲਜੁਲ ਕੇ ਇਨਾਂ ਦਾ ਪੱਤਾ ਸਾਫ ਕਰਨਾ ਚਾਹੀਦਾ ਹੈ।

ਇਸ ਮੌਕੇ ਕੈਬਨਿਟ ਵਜੀਰ ਸ. ਰੰਧਾਵਾ ਨੇ ਨਵੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਗ੍ਰਾਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਖਾਸਕਰਕੇ ਸਰਪੰਚ ਤੇ ਪੰਚ ਬਣੀਆਂ ਅੋਰਤਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੋਰਤ ਹੀ ਸਮਾਜ ਦੀ ਸਿਰਜਣਹਾਰ ਹੈ ਅਤੇ ਜੇਕਰ ਔਰਤ ਮੰਨ ਬਣਾ ਲਵੇ ਕਿ ਉਸਨੇ ਸਮਾਜ ਅੰਦਰੋਂ ਬੁਰਾਈ ਖਤਮ ਕਰਨੀ ਹੈ ਤਾਂ ਉਸਨੂੰ ਕੋਈ ਰੋਕ ਨਹੀਂ ਸਕਦਾ। ਉਨਾਂ ਸਵਰਗਵਾਸੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਵਿਸ਼ੇਸ ਤੋਰ ਤੇ ਜਿਕਰ ਕਰਦਿਆਂ ਕਿਹਾ ਕਿ ਉਨਾਂ ਨੇ ਅੋਰਤਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਤੇ ਸਮਾਜ ਵਿਚ ਸਿਰ ਉੱਚਾ ਚੁੱਕ ਕੇ ਜਿਊਣ ਲਈ ਪ੍ਰੇਰਿਤ ਕੀਤਾ। ਜਿਨਾਂ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ. ਰੰਧਾਵਾ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬੇ ਅੰਦਰ ਤੇ ਖਾਸਕਰਕੇ ਹਲਕੇ ਡੇਰਾ ਬਾਬਾ ਨਾਨਕ ਅੰਦਰ ਵਿਕਾਸ ਕੰਮ ਜੋਰਾਂ ਨਾਲ ਚਲਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਬਣਨ ਨਾਲ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਤੇ ਕਲਾਨੋਰ ਦੇਸ਼ ਦੇ ਨਕਸ਼ੇ ਤੇ ਆ ਗਏ ਹਨ। ਉਨਾਂ ਪ੍ਰਧਾਨ ਮੰਤਰੀ ਦੀ ਗੁਰਦਾਸਪੁਰ ਰੈਲੀ ਸਬੰਧੀ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ 35 ਮਿੰਟ ਭਾਸ਼ਣ ਦਿੱਤਾ ਗਿਆ ਤੇ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਸਰਹੱਦੀ ਜਿਲੇ ਦੇ ਲੋਕ ਪ੍ਰਧਾਨ ਮੰਤਰੀ ਦੀ ਫੇਰੀ ਤੋ ਉਦਾਸ ਹੋਏ ਹਨ।

ਸ. ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਲੇ ਗੁਰਦਾਸਪੁਰ ਦੇ ਗੰਨਾ ਕਾਸ਼ਤਕਾਰਾਂ ਦੀ ਮੰਗ ਪ੍ਰਵਾਨ ਕਰਦਿਆਂ ਗੁਰਦਾਸਪੁਰ ਤੇ ਬਟਾਲਾ ਦੀਆਂ ਸਹਿਕਾਰੀ ਖੰਡ ਮਿੱਲਾਂ ਦਾ ਨਵੀਨੀਕਰਨ ਦਾ ਕੰਮ 15 ਫਰਵਰੀ 2019 ਤੋਂ ਪਹਿਲਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਅੱਗੇ ਦੱਸਿਆ ਕਿ ਜਦ ਤੋਂ ਉਨਾਂ ਨੇ ਸਹਿਕਾਰਤਾ ਵਿਭਾਗ ਦਾ ਅਹੁਦਾ ਸੰਭਾਲਿਆ ਹੈ ਹੁਣ ਤਕ ਸਹਿਕਾਰੀ ਮਿੱਲਾਂ ਵਲੋਂ ਪਿਛਲੇ ਸਮੇਂ ਦੇ ਮੁਕਾਬਲੇ 10. 5 ਪ੍ਰਤੀਸ਼ਤ ਦੀ ਰਿਕਵਰੀ ਵੱਧ ਕੀਤੀ ਗਈ ਹੈ। ਪ੍ਰਾਈਵੇਟ ਮਿੱਲਾਂ ਨਾਲ ਵੱਧ ਖੰਡ ਦਾ ਉਤਪਾਦਨ ਕੀਤਾ ਹੈ। ਉਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਕਸਬੇ ਨੂੰ ‘ਗੇਟ ਆਫ ਇੰਡੀਆਂ’ ਬਣਾਇਆ ਜਾਵੇਗਾ। ਹਲਕੇ ਡੇਰਾ ਬਾਬਾ ਨਾਨਕ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਕਲਾਨੋਰ ਦੇ ਵਿਕਾਸ ਲਈ 8 ਕਰੋੜ ਰੁਪਏ, ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਖਾਸ ਕਰਕੇ ਨਵੀਆਂ ਸੜਕਾਂ ਲਈ 9 ਕਰੋੜ ਰੁਪਏ ਖਰਚੇ ਜਾਣਗੇ, 4.50 ਕਰੋੜ ਰੁਪਏ ਦੀ ਲਾਗਤ ਨਾਲ ਕਲਾਨੋਰ ਤੇ ਡੇਰਾ ਬਾਬਾ ਨਾਨਕ ਵਿਖੇ ਤਹਿਸੀਲ ਕੰਪਲੈਕਸ, 73 ਲੱਖ ਰੁਪਏ ਦੀ ਲਾਗਤ ਨਾਲ ਕਲਾਨੋਰ ਤੋਂ ਬਟਾਲਾ ਸੜਕ ਦੇ ਦੋਵੇਂ ਪਾਸੇ ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ। ਕਲਾਨੋਰ ਦੇ ਹਸਪਤਾਲ ਵਿਖੇ ਐਮਰਜੈਂਸੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਪਿੰਡਾਂ ਅੰਦਰ ਸ਼ਾਨਦਾਰ ਪਾਰਕ ਬਣਾਏ ਜਾ ਰਹੇ ਹਨ। 219 ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ ਤੇ ਸਕੂਲਾਂ ਅੰਦਰ ਐਲ.ਈ.ਡੀ ਸਕਰੀਨਾਂ ਲਗਾਈਆਂ ਜਾਣਗੀਆਂ। ਇਸ ਮੋਕੇ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਨਵੀਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਤੇ ਮਿਹਨਤ ਤੇ ਇਮਾਨਦਾਰੀ ਨਾਲ ਪਿੰਡਾਂ ਦੇ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

Close