fbpx
Punjab

ਨਵੀਆਂ ਪੰਚਾਇਤਾਂ ਦਾ ਸਹੁੰ ਚੁੱਕ ਸਮਾਗਮ-ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ 12 ਜਨਵਰੀ ਨੂੰ ਚੁਕਾਉਣਗੇ ਸਹੁੰ

Nri Media

10 ਜਨਵਰੀ \- ਐਨ.ਆਰ.ਆਈ. ਮੀਡਿਆ

ਫਾਜ਼ਿਲਕਾ (ਇੰਦਰਜੀਤ ਸਿੰਘ ਚਾਹਲ) : ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੁਣੀਆਂ ਗਈਆਂ ਨਵੀਆਂ ਪੰਚਾਇਤਾਂ ਨੂੰ ਊਰਜਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ 12 ਜਨਵਰੀ ਨੂੰ ਸਹੁੰ ਚਕਾਉਣਗੇ। ਸਥਾਨਕ ਨਵੀਂ ਅਨਾਜ ਮੰਡੀ ਵਿਖੇ ਹੋਣ ਵਾਲੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਗਏ ਪੰਚਾਂ ਤੇ ਸਰਪੰਚਾਂ ਤੋਂ ਇਲਾਵਾ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵੀ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਦਾਣਾ ਮੰਡੀ ਵਿਖੇ ਪਹੁੰਚ ਕੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੌਰਾਨ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਇਸ ਮੌਕੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਟਰੈਫਿਕ ਅਤੇ ਪਾਰਕਿੰਗ ਦੇ ਸੁਚੱਜੇ ਪ੍ਰਬੰਧਕ ਕਰਨ ਦੇ ਆਦੇਸ਼ ਦਿੱਤੇ ਗਏ। ਅਗਾਊਂ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਦੌਰਾਨ ਕੁੱਲ ਛੇ ਬਲਾਕ ਬਣਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਪੰਜ ਬਲਾਕ(ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਖੂਈਆਂ ਸਰਵਰ ਤੇ ਅਰਨੀਵਾਲਾ) ਪੁਰਸ਼ਾਂ ਲਈ ਜੋ ਕਿ ਆਪੋ-ਆਪਣੇ ਬਲਾਕ ਨਾਲ ਸਬੰਧਤ ਹੋਣਗੇ ਅਤੇ ਛੇਵਾਂ ਬਲਾਕ ਪੰਚ, ਸਰਪੰਚ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਬਣਨ ਵਾਲੀਆਂ ਔਰਤਾਂ ਲਈ ਰਾਖਵਾਂ ਹੋਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿ) ਸ੍ਰੀ ਸਤੀਸ਼ ਚੰਦਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁੱਲ 434 ਪੰਚਾਇਤਾਂ ਵਿੱਚੋਂ ਨਵੇਂ ਚੁਣੇ ਗਏ 432 ਸਰਪੰਚਾਂ, 2992 ਪੰਚਾਂ, 120 ਬਲਾਕ ਸਮਿਤੀ ਮੈਂਬਰਾਂ ਅਤੇ 15 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਦੀਵਾਨ ਖੇੜਾ ਵਾਸੀਆਂ ਵੱਲੋਂ ਸਰਪੰਚੀ ਪਦ ਦੇ ਫਾਰਮ ਵਾਪਸ ਲੈਣ ਅਤੇ ਪਿੰਡ ਹਸਤਾ ਕਲਾਂ ਦੀ ਪੰਚਾਇਤ ਦਾ ਮਸਲਾ ਕੋਰਟ ਵਿੱਚ ਹੋਣ ਕਰਕੇ ਸਰਪੰਚੀ ਲਈ ਚੋਣ ਨਹੀਂ ਹੋ ਸਕੀ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ਅੰਦਰ 21 ਪੰਚਾਇਤਾਂ ਦੀ ਸਰਵਸੰਮਤੀ ਨਾਲ ਸਬੰਧਤ ਪਿੰਡਾਂ ਵਾਸੀਆਂ ਵੱਲੋਂ ਚੋਣ ਕੀਤੀ ਗਈ।

ਇਸ ਤੋਂ ਇਲਾਵਾ ਹੋਰ 11 ਪਿੰਡਾਂ ਦੇ ਸਰਪੰਚ ਸਬੰਧਤ ਪਿੰਡਾਂ ਵਾਸੀਆਂ ਵੱਲੋਂ ਸਰਵਸੰਮਤੀ ਨਾਲ ਚੁਣੇ ਗਏ ਸਨ। ਇਸ ਤਰ੍ਹਾਂ ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ਅੰਦਰ 32 ਸਰਪੰਚਾਂ ਤੇ 946 ਪੰਚਾਂ ਦੀ ਪਿੰਡਾਂ ਵਾਸੀਆਂ ਵੱਲੋਂ ਸਰਬਸਮਤੀ ਨਾਲ ਚੋਣ ਕੀਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਅਰੁਨ ਜਿੰਦਲ, ਡੀ.ਐਸ.ਪੀ. ਸ੍ਰੀ ਵੈਭਵ ਸਹਿਗਲ ਤੇ ਸ. ਰਛਪਾਲ ਸਿੰਘ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *

Close