fbpx
All NewsNationalNewsPunjabTorontoWorld

‘NRI’ ਦਿਵਸ ਤੇ ‘NRI MEDIA’ ਦੀ ਖਾਸ ਰਿਪੋਰਟ

Nri Media \- Vikram Sehajpal

10 ਜਨਵਰੀ \- ਵਿਕਰਮ ਸਹਿਜਪਾਲ

ਓਂਟਾਰੀਓ : ਪਰਵਾਸੀ ਭਾਰਤੀ ਦਿਵਸ ਦੀ ਸ਼ੁਰੂਆਤ 2003 ਤੋਂ ਹੋਈ ਸੀ। ਇਹ ਦਿਨ ਮਨਾਉਣ ਦਾ ਮੁੱਖ ਮੰਤਵ ਪਰਵਾਸੀ ਭਾਰਤੀਆਂ ਵੱਲੋਂ ਦੇਸ਼ ਦਾ ਨਾਂ ਰੁਸ਼ਨਾਉਣ ’ਚ ਪਾਏ ਯੋਗਦਾਨ ਨੂੰ ਉਜਾਗਰ ਕਰਨਾ ਹੈ। ਇਸ ਦਿਨ ’ਤੇ ਵਿਦੇਸ਼ਾਂ ਵਿਚ ਖਾਸ ਮੁਕਾਮ ਹਾਸਲ ਕਰ ਚੁੱਕੇ ਪਰਵਾਸੀਆਂ ਨੂੰ ਦੇਸ਼ ਵਿਚ ਬੁਲਾ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਦਿਨ ਇਨ੍ਹਾਂ ਪਰਵਾਸੀਆਂ ਨੂੰ ਰਾਸ਼ਟਰਪਤੀ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕਰਦੇ ਹਨ।

ਸਰਦਾਰ ਰਵੀ ਸਿੰਘ ਖਾਲਸਾ

ਸਰਦਾਰ ਰਵੀ ਸਿੰਘ ਖਾਲਸਾ ਨੂੰ ਪੂਰੀ ਦੁਨੀਆ ’ਚ ਸੱਚੇ ਗੁਰ ਸਿੱਖ ਸੇਵਕ ਵਜੋਂ ਜਾਣਿਆ ਜਾਂਦਾ ਹੈ। ਰਵੀ ਸਿੰਘ ਖਾਲਸਾ ਇੱਕ ਚੰਗੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਨੇ ਪੂਰੀ ਦੁਨੀਆ ‘ਚ ਸਿੱਖ ਭਾਈਚਾਰੇ ਦਾ ਸਤਿਕਾਰ ਤੇ ਮਾਣ ਵਧਾਇਆ ਹੈ। ਉਨ੍ਹਾਂ ਵਲੋਂ ਸੰਚਾਲਿਤ ਕੀਤੀ ਜਾ ਰਹੀ ‘ਖਾਲਸਾ ਏਡ’ ਅੱਜ ਕਿਸੇ ਪਛਾਣ ਦੀ ਮੁਥਾਜ਼ ਨਹੀਂ। ਖਾਲਸਾ ਏਡ ਅੰਤਰਰਾਸ਼ਟਰੀ ਗੈਰ-ਮੁਨਾਫਾ ਸਹਾਇਤਾ ਅਤੇ ਰਾਹਤ ਸੰਗਠਨ ਦੀ ਸਥਾਪਨਾ ਸਿੱਖ ਅਸੂਲਾਂ, ਨਿਰਸਵਾਰਥ ਸੇਵਾ ਅਤੇ ਵਿਸ਼ਵ-ਵਿਆਪੀ ਪਿਆਰ ’ਤੇ ਅਧਾਰਤ ਹੈ। ਇਹ ਬਰਤਾਨਵੀ ਰਜਿਸਟਰਡ ਚੈਰਿਟੀ 1999 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਬਰਤਾਨਵੀ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ। ਇਹ ਸੰਸਥਾ ਨਿਰਸਵਾਰਥ ,ਉੱਤਰੀ ਅਮਰੀਕਾ ਅਤੇ ਏਸ਼ੀਆ ਤੋਂ ਇਲਾਵਾ ਕਈ ਦੇਸ਼ਾਂ ’ਚ ਸੇਵਾ ਕਰ ਰਹੀ ਹੈ। ਖਾਲਸਾ ਏਡ ਨੇ ਸੰਸਾਰ ਭਰ ਵਿੱਚ ਤਬਾਹੀ, ਯੁੱਧ, ਅਤੇ ਹੋਰ ਦੁਖਦਾਈ ਘਟਨਾਵਾਂ ਦੇ ਪੀੜਤਾਂ ਨੂੰ ਮਦਦ ਪਹੁੰਚਾਈ ਹੈ।

ਹਰਜੀਤ ਸਿੰਘ ਸੱਜਣ – ਰੱਖਿਆ ਮੰਤਰੀ (ਕੈਨੇਡਾ)

ਹਰਜੀਤ ਸਿੰਘ ਸੱਜਣ ਕੈਨੇਡਾ ਦੇ ਮੌਜੂਦਾ ਰੱਖਿਆ ਮੰਤਰੀ ਹਨ। ਸੱਜਣ ਨੇ 2015 ਦੀ ਫੈਡਰਲ ਚੋਣ ਦੌਰਾਨ ਕੰਜ਼ਰਵੇਟਿਵ ਸੰਸਦ ਮੈਂਬਰ ਵੇਈ ਯੰਗ ਨੂੰ ਹਰਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 4 ਨਵੰਬਰ 2015 ਨੂੰ ਰੱਖਿਆ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਹਰਜੀਤ ਸਿੰਘ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਪੰਜਾਬੀ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੈਨਕੂਵਰ ਪੁਲਸ ‘ਚ ਗੈਂਗਾਂ ਦੀ ਪੜਤਾਲ ਕਰਨ ਵਾਲੇ ਜਾਸੂਸ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਹਰਜੀਤ ਸਿੰਘ ਸੱਜਣ ਦੀ ਇਕ ਹੋਰ ਪ੍ਰਾਪਤੀ ਇਹ ਸੀ ਕਿ ਉਨ੍ਹਾਂ ਨੇ ਅਫਗਾਨਿਸਤਾਨ ‘ਚ ਵੀ ਆਰਮਡ ਫੋਰਸਿਜ਼ ਦੇ ਕਮਾਂਡਰ ਵਜੋਂ ਸੇਵਾ ਨਿਭਾਈ ਸੀ।

ਅਰਜਨ ਸਿੰਘ ਬਾਠ (ਸੁੱਖੀ ਬਾਠ)

ਸੁੱਖੀ ਬਾਠ ਕੈਨੇਡਾ ਵਾਸੀ ਪਰਵਾਸੀ ਭਾਰਤੀ ਹੈ।ਉਹ ਜਲੰਧਰ ਦੇ ਪਿੰਡ ਹਰਦੋਫਰੋਲਾ ਵਿਚ ਇਕ ਮਾਮੂਲੀ ਕਿਸਾਨ ਅਰਜਨ ਸਿੰਘ ਬਾਠ ਦੇ ਘਰ ਪੈਦਾ ਹੋਏ।ਉਹ ਆਪਣੇ ਪਰਿਵਾਰ ਵਿੱਚ ਅੱਠ ਭੈਣਾਂ ਦਾ ਇਕਲੌਤਾ ਭਰਾ ਹੈ।1978 ਵਿੱਚ ਉਹ ਬੀ. ਏ. ਦੂਸਰੇ ਸਾਲ ਦੀ ਪੜ੍ਹਾਈ ਛੱਡ ਕੇ ਕੈਨੇਡਾ ਪਰਵਾਸ ਕਰ ਗਏ। ਇੱਥੇ ਲਗਭਗ 3 ਸਾਲ ਉਸ ਨੇ ਕਰੜੀ ਮੁਸ਼ੱਕਤ ਕੀਤੀ। ਪਹਿਲੇ 6 ਮਹੀਨੇ ਗੁਰਦਵਾਰੇ ਮਜਦੂਰੀ ਕਰਨ ਬਾਅਦ ਗੁਰਦਆਰੇ ਭਾਂਡੇ ਮਾਂਜ ਕੇ ਸੌਂ ਰਹਿਣਾ ਸ਼ਾਮਲ ਸੀ । ਇਸ ਤੋਂ ਬਾਅਦ 1981 ਵਿੱਚ ਉਹ ਇੱਕ ਕਾਰ ਕੰਪਨੀ ਵਿੱਚ ਵਿਕਰੀ ਕਾਮੇ ਦੇ ਤੌਰ ਤੇ ਭਰਤੀ ਹੋਏ। ਆਪਣੇ ਭਾਰਤ ਰਹਿੰਦੇ ਪਰਿਵਾਰ ਖਾਸ ਕਰਕੇ ਭੈਣਾਂ ਦੇ ਵਿਆਹ ਦਾ ਫਰਜ਼ ਨਿਭਾਉਣ ਦੀ ਉਨ੍ਹਾਂ ਡਟ ਕੇ ਮਿਹਨਤ ਕੀਤੀ ਅਤੇ ਤਰੱਕੀ ਕਰਦੇ ਹੋਏ ਉਹ ਜਨਰਲ ਮੈਨੇਜਰ ਦੇ ਅਹੁਦੇ ’ਤੇ ਪਹੁੰਚ ਗਏ। 1991 ਵਿੱਚ ਉਨ੍ਹਾਂ ਨੇ ‘ਸੁੱਖੀ ਮੋਟਰ ਕੰਪਨੀ’ ਬਣਾਈ । ਇਸ ਵੇਲੇ ਸੁੱਖੀ ਬਾਠ 5 ਕੰਪਨੀਆਂ, ਜਿਸ ਵਿੱਚ ਐਨ. ਆਰ. ਆਈ. ਸੋਲੂਸ਼ਨਜ ਵੀ ਸ਼ਾਮਲ ਹੈ, ਦਾ ਮਾਲਕ ਹੈ। ਬਾਠ ਦਾ ਮੌਜੂਦਾ ਸਾਲਾਨਾ ਵਪਾਰ ਲੱਖਾਂ ਡਾਲਰਾਂ ਵਿੱਚ ਹੈ। 1994 ਵਿੱਚ ਉਸ ਨੇ ‘ਸੁੱਖੀ ਬਾਠ ਫਾਂਊਡੇਸ਼ਨ’ ਨਾਂ ਦੀ ਸੰਸਥਾ ਬਣਾ ਕੇ ਕਈ ਦਾਨੀ ਕੰਮ ਆਰੰਭੇ, ਜਿਨ੍ਹਾਂ ਵਿੱਚ ਧੀਆਂ ਦੇ ਵਿਆਹ ਕਰਵਾਉਣਾ ਪ੍ਰਮੁੱਖ ਹੈ। ਇਸ ਤੋਂ ਇਲਾਵਾ ਅੱਖਾਂ ਦੇ ਕੈਂਪ ਲਾਉਣੇ, ਲੋੜਵੰਦਾਂ ਨੂੰ ਨਕਲੀ ਅੰਗ ਮੁਹੱਈਆ ਕਰਵਾਉਣੇ, ਵਤਨ ਛੱਡ ਪਰਵਾਸ ਕਰਨ ਵਾਲੇ ਨੌਜਵਾਨਾਂ ਦੀ ਮੱਦਦ ਕਰਨੀ ਆਦਿ ਕੰਮ ਸ਼ਾਮਲ ਹਨ। 2016 ਦੀ ਇੱਕ ਰਿਪੋਰਟ ਮੁਤਾਬਕ ਉਸ ਦੀ ਸੰਸਥਾ ਲਗਭਗ 50 ਅੱਖਾਂ ਦੇ ਕੈਂਪ ਅਤੇ 30-40 ਜੋੜਿਆਂ ਦੇ ਵਿਆਹ ਹਰ ਸਾਲ ਕਰਵਾਉਂਦੀ ਹੈ।

ਡਾ. ਐੱਸ.ਪੀ. ਸਿੰਘ ਉਬਰਾਏ

ਡਾ. ਐੱਸ.ਪੀ. ਸਿੰਘ ਉਬਰਾਏ (ਸੁਰਿੰਦਰਪਾਲ ਸਿੰਘ ਉਬਰਾਏ) ਦੁਬਈ ਦੇ ਵੱਡੇ ਕਾਰੋਬਾਰੀ ਹਨ, ਜਿਨ੍ਹਾਂ ਨੂੰ ਵਿਸ਼ਵ ਭਰ ‘ਚ ਉੱਘੇ ਸਮਾਜ ਸੇਵੀ ਸਿੱਖ ਚਿਹਰੇ ਵਜੋਂ ਜਾਣਿਆ ਜਾਂਦਾ ਹੈ। ਉਬਰਾਏ ਦੀ ਸਭ ਤੋਂ ਵੱਡੀ ਦੇਣ ਇਹ ਮੰਨੀ ਜਾਂਦੀ ਹੈ ਕਿ ਉਨ੍ਹਾਂ ਨੇ ਅਰਬ ਦੇਸ਼ਾਂ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਕਰ ਚੁੱਕੇ ਪੰਜਾਬੀਆਂ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਅਤੇ ਉਹਨਾਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ। ਡਾ. ਉਬਰਾਏ ਨੇ 1975 ‘ਚ ਪਾਂਡੋਹੰਮ, ਹਿਮਾਚਲ ਪ੍ਰਦੇਸ਼ ਵਿੱਚ ਇੰਜਨ ਮਕੈਨਿਕ ਦੇ ਤੌਰ ’ਤੇ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ 1977 ਵਿਚ ਉਹ ਇਕ ਮਕੈਨਿਕ ਵਜੋਂ ਦੁਬਈ ਆਏ। ਉਨ੍ਹਾਂ ਨੇ 4 ਸਾਲ ਬਾਅਦ ਭਾਰਤ ਵਾਪਸ ਪਰਤ ਕੇ ਖ਼ੁਦ ਦੀ ਇੱਕ ਸਪਲਾਈ ਅਤੇ ਕੰਸਟਰਕਸ਼ਨ ਕੰਪਨੀ ”’ਪ੍ਰੀਤਮ ਸਿੰਘ ਐਂਡ ਸਨਜ਼”’ ਸ਼ੁਰੂ ਕੀਤੀ। ਇਸ ਕੰਪਨੀ ਨੇ ਬਿਆਸ ਤੋਂ ਗੋਇੰਦਵਾਲ ਸਾਹਿਬ ਤੱਕ ਸੜਕਾਂ, ਨਹਿਰਾਂ, ਪੁਲ, ਸੀਵਰੇਜ਼, ਹੌਟਮਿਕਸ ਪਲਾਂਟ ਅਤੇ ਰੇਲਵੇ ਲਾਈਨ ਵਰਗੇ ਕਈ ਪ੍ਰਾਜੈਕਟ ਸਫਲਤਾਪੂਰਵਕ ਪੂਰੇ ਕੀਤੇ।

1993 ਵਿੱਚ ਉਹ ਦੁਬਾਰਾ ਦੁਬਈ ਚਲੇ ਗਏ ਅਤੇ 1996 ਵਿੱਚ ਅਪੈਕਸ ਇੰਟਰਨੈਸ਼ਨਲ ਕੰਸਟਰਕਸ਼ਨ, 1998 ਵਿੱਚ ਦੁਬਈ ਗ੍ਰੈਂਡ ਹੋਟਲ ਅਤੇ 2004 ਵਿੱਚ ਉਬਰਾਏ ਪ੍ਰਾਪਰਟੀਜ਼ ਐਂਡ ਇਨਵੈਸਟਮੈਂਟਸ ਕੰਪਨੀ ਸਥਾਪਿਤ ਕੀਤੀ। ਉਬਰਾਏ ਨੇ ਮੌਤ ਦੀ ਸਜ਼ਾ ਅਤੇ ਉਮਰ ਕੈਦ ਤੋਂ 58 ਭਾਰਤੀਆਂ ਦੀ ਰਿਹਾਈ ਲਈ ਲਗਭਗ 1.8 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਅਤੇ 800 ਤੋਂ ਵੱਧ ਕੈਦੀਆਂ ਦੀ ਏਅਰ ਟਿਕਟ ਦਾ ਵੀ ਭੁਗਤਾਨ ਕੀਤਾ। ਇਹ ਪੰਜਾਬੀ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਫੰਡਾਂ ਦੀ ਘਾਟ ਕਾਰਨ ਦੇਸ਼ ਵਾਪਸ ਨਹੀਂ ਆ ਸਕੇ ਸਨ। ਪਿਛਲੇ ਸਮੇਂ ਦੌਰਾਨ ਵੀ ਉਹਨਾਂ ਨੇ ਅਰਬ ਦੇਸ਼ਾਂ ਵਿੱਚ ਫਾਂਸੀ ਜ਼ਾਬਤਾ 10 ਪੰਜਾਬੀਆਂ ਦੀ ਰਿਹਾਈ ਲਈ 9 ਕਰੋੜ ਦੀ ਬਲੱਡ ਮਨੀ ਦਿੱਤੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਸਾਇੰਸ ਵਿਭਾਗ ਵਿੱਚ ਚਲ ਰਹੇ ਗੱਤਕਾ ਕੋਰਸ ਦੇ ਸਾਰੇ ਵਿਦਿਆਰਥੀਆਂ ਦੀ ਫ਼ੀਸ ਉਹਨਾਂ ਦੇ ਟਰੱਸਟ ਵੱਲੋਂ ਹੀ ਭਰੀ ਜਾਂਦੀ ਹੈ।

 

Leave a Reply

Your email address will not be published. Required fields are marked *

Close